Community Impact Award 2026 – Presented by the Premier of NSW Chris Minns MP
ਭਾਰਤ ਜਾਂ ਉਸ ਤੋਂ ਅੱਗੇ ਦੀ ਯਾਤਰਾ ਲਈ ਉਡਾਣ ਭਰ ਰਹੇ ਹੋ?

ਆਸਟ੍ਰੇਲੀਆ ਤੋਂ ਰਵਾਨਾ ਹੋਣ ਤੋਂ ਪਹਿਲਾਂ ਕਰਨ ਵਾਲੀਆਂ ਮਹੱਤਵਪੂਰਨ ਜਾਂਚਾਂ
ਵਿਦੇਸ਼ ਯਾਤਰਾ ਦੀਆਂ ਕਈ ਯੋਜਨਾਵਾਂ ਇੱਕ ਸਧਾਰਣ ਤਰੀਕੇ ਨਾਲ ਸ਼ੁਰੂ ਹੁੰਦੀਆਂ ਹਨ—ਸਾਲਾਨਾ ਛੁੱਟੀ ਮਨਜ਼ੂਰ ਕਰਵਾਓ, ਉਡਾਣਾਂ ਬੁੱਕ ਕਰੋ, ਬੈਗ ਪੈਕ ਕਰੋ ਅਤੇ ਬਾਕੀ ਗੱਲਾਂ ਬਾਅਦ ਵਿੱਚ ਦੇਖਣ ਦਾ ਸੋਚੋ। ਪਰ ਜਦੋਂ ਯਾਤਰਾ ਦੇ ਰੂਟ ਬਦਲ ਜਾਣ, ਹਵਾਈ ਅੱਡੇ ਬਹੁਤ ਘੱਟ ਨੋਟਿਸ ‘ਤੇ ਬੰਦ ਹੋ ਜਾਣ ਜਾਂ ਪਤਾ ਲੱਗੇ ਕਿ ਟ੍ਰੈਵਲ ਇੰਸ਼ੋਰੈਂਸ ਪਾਲਿਸੀ ਉਮੀਦ ਨਾਲੋਂ ਘੱਟ ਕਵਰ ਦਿੰਦੀ ਹੈ, ਤਾਂ ਇਹ ਤਰੀਕਾ ਜਲਦੀ ਹੀ ਮੁਸ਼ਕਲ ਪੈਦਾ ਕਰ ਸਕਦਾ ਹੈ।
Smartraveller, ਆਸਟ੍ਰੇਲੀਆਈ ਸਰਕਾਰ ਦੀ ਮੁਫ਼ਤ ਯਾਤਰਾ ਸਲਾਹ ਸੇਵਾ, 175 ਤੋਂ ਵੱਧ ਮੰਜ਼ਿਲਾਂ ਲਈ ਅਧਿਕਾਰਤ ਸਲਾਹ ਪ੍ਰਦਾਨ ਕਰਦੀ ਹੈ ਅਤੇ ਯਾਤਰੀਆਂ ਨੂੰ ਇਹ ਜਾਣਕਾਰੀ ਦਿੰਦੀ ਹੈ ਕਿ ਉਹ ਆਪਣੀ ਪੂਰੀ ਯਾਤਰਾ ਦੌਰਾਨ ਕਿਵੇਂ ਸੁਰੱਖਿਅਤ ਅਤੇ ਤਾਜ਼ਾ ਜਾਣਕਾਰੀ ਨਾਲ ਜੁੜੇ ਰਹਿ ਸਕਦੇ ਹਨ।
ਆਪਣੇ ਟ੍ਰਾਂਜ਼ਿਟ ਮੰਜ਼ਿਲਾਂ ਲਈ ਯਾਤਰਾ ਸਲਾਹ ਜ਼ਰੂਰ ਜਾਂਚੋ
ਆਸਟ੍ਰੇਲੀਆ ਤੋਂ ਭਾਰਤ, ਯੂਰਪ ਜਾਂ ਕਿਸੇ ਹੋਰ ਦੇਸ਼ ਜਾਣ ਵਾਲੇ ਕਈ ਯਾਤਰੀਆਂ ਲਈ ਪਹਿਲਾ ਖਤਰਾ ਅੰਤਿਮ ਮੰਜ਼ਿਲ ਨਹੀਂ, ਸਗੋਂ ਯਾਤਰਾ ਦਾ ਰਸਤਾ ਹੋ ਸਕਦਾ ਹੈ। ਮੱਧ ਪੂਰਬ ਵਿੱਚ ਚੱਲ ਰਹੇ ਸੰਘਰਸ਼ ਕਾਰਨ ਇੰਧਨ ਦੀ ਘਾਟ, ਉਡਾਣਾਂ ਰੱਦ ਹੋਣ ਅਤੇ ਹੋਰ ਵਿਆਪਕ ਯਾਤਰਾ ਰੁਕਾਵਟਾਂ ਸਾਹਮਣੇ ਆਈਆਂ ਹਨ। ਇਸ ਦਾ ਅਸਰ ਉਹਨਾਂ ਯਾਤਰੀਆਂ ‘ਤੇ ਵੀ ਪੈ ਸਕਦਾ ਹੈ ਜਿਨ੍ਹਾਂ ਦੀ ਅੰਤਿਮ ਮੰਜ਼ਿਲ ਇਸ ਖੇਤਰ ਦੇ ਨੇੜੇ ਵੀ ਨਹੀਂ ਹੈ।
Smartraveller ਦੇ ਯਾਤਰਾ ਸਲਾਹ ਪੱਧਰ ਕਿਸੇ ਮੰਜ਼ਿਲ ‘ਤੇ ਆਸਟ੍ਰੇਲੀਆਈ ਯਾਤਰੀਆਂ ਲਈ ਮੌਜੂਦ ਖਤਰਿਆਂ ਨੂੰ ਦਰਸਾਉਂਦੇ ਹਨ। ਲੈਵਲ 4 – “ਯਾਤਰਾ ਨਾ ਕਰੋ” (Do not travel) ਦਾ ਮਤਲਬ ਹੈ ਕਿ ਮੌਤ, ਕੈਦ, ਅਗਵਾ ਜਾਂ ਗੰਭੀਰ ਸੱਟ ਦੇ ਉੱਚ ਖਤਰੇ ਕਾਰਨ ਤੁਹਾਨੂੰ ਉਸ ਥਾਂ ਦੀ ਯਾਤਰਾ ਨਹੀਂ ਕਰਨੀ ਚਾਹੀਦੀ। ਲੈਵਲ 3 – “ਯਾਤਰਾ ਦੀ ਲੋੜ ‘ਤੇ ਮੁੜ ਵਿਚਾਰ ਕਰੋ” (Reconsider your need to travel) ਦਾ ਮਤਲਬ ਹੈ ਕਿ ਗੰਭੀਰ ਅਤੇ ਸੰਭਾਵਿਤ ਜਾਨਲੇਵਾ ਖਤਰਿਆਂ ਕਾਰਨ ਗੈਰ-ਜ਼ਰੂਰੀ ਯਾਤਰਾ ਤੋਂ ਬਚਣਾ ਚਾਹੀਦਾ ਹੈ। Smartraveller ਇਹ ਵੀ ਚੇਤਾਵਨੀ ਦਿੰਦਾ ਹੈ ਕਿ ਟ੍ਰਾਂਜ਼ਿਟ ਦੌਰਾਨ ਵੀ ਯਾਤਰਾ ਸਲਾਹ ਦੀ ਪਾਲਣਾ ਕਰਨੀ ਚਾਹੀਦੀ ਹੈ, ਕਿਉਂਕਿ ਹਵਾਈ ਅੱਡੇ ਨਿਸ਼ਾਨਾ ਬਣ ਸਕਦੇ ਹਨ, ਹਵਾਈ ਖੇਤਰ ਅਚਾਨਕ ਬੰਦ ਹੋ ਸਕਦਾ ਹੈ ਅਤੇ ਤੁਹਾਡੇ ਲਈ ਉਥੋਂ ਨਿਕਲਣਾ ਮੁਸ਼ਕਲ ਹੋ ਸਕਦਾ ਹੈ।
ਮੈਲਬਰਨ ਦੇ ਰਾਜ ਦੀ ਮਿਸਾਲ ਲਓ, ਜੋ ਇੱਕ ਆਈਟੀ ਕਨਸਲਟੈਂਟ ਹੈ ਅਤੇ ਦੁਬਈ ਵਿੱਚ ਸਟਾਪਓਵਰ ਨਾਲ ਮੁੰਬਈ ਲਈ ਉਡਾਣ ਭਰ ਰਿਹਾ ਸੀ। ਮੱਧ ਪੂਰਬ ਵਿੱਚ ਤਣਾਅ ਕਾਰਨ ਹਵਾਈ ਰੂਟਾਂ ਅਤੇ ਯਾਤਰਾ ਸਲਾਹ ‘ਤੇ ਪੈ ਰਹੇ ਅਸਰ ਨੂੰ ਦੇਖਦਿਆਂ, ਰਾਜ ਨੇ ਆਪਣੀ ਯਾਤਰਾ ਪੱਕੀ ਕਰਨ ਤੋਂ ਪਹਿਲਾਂ Smartraveller ਦੀ ਸਲਾਹ ਜਾਂਚੀ। ਜੋ ਪਹਿਲਾਂ ਇੱਕ ਆਮ ਜਿਹਾ ਲੇਓਵਰ ਲੱਗ ਰਿਹਾ ਸੀ, ਉਹ ਉਸ ਵੇਲੇ ਵੱਖਰਾ ਦਿਖਾਈ ਦੇਣ ਲੱਗਾ ਜਦੋਂ ਉਸ ਨੂੰ ਸਮਝ ਆਈ ਕਿ ਟ੍ਰਾਂਜ਼ਿਟ ਵਾਲੀਆਂ ਥਾਵਾਂ ਦੇ ਆਪਣੇ ਖਤਰੇ ਵੀ ਹੋ ਸਕਦੇ ਹਨ। ਟਿਕਟ ‘ਤੇ ਹੋਈ ਬਚਤ ਵੀ ਹੁਣ ਇੰਨੀ ਸਮਝਦਾਰ ਡੀਲ ਨਹੀਂ ਲੱਗੀ, ਜਦੋਂ ਉਸ ਨੇ ਉਸਦੀ ਤੁਲਨਾ ਯਾਤਰਾ ਨਾਲ ਜੁੜੀ ਅਨਿਸ਼ਚਿਤਤਾ ਨਾਲ ਕੀਤੀ।
ਸਹੀ ਟ੍ਰੈਵਲ ਇੰਸ਼ੋਰੈਂਸ ਯਕੀਨੀ ਬਣਾਓ
ਟ੍ਰੈਵਲ ਇੰਸ਼ੋਰੈਂਸ ਯਾਤਰਾ ਦੀਆਂ ਸਭ ਤੋਂ ਮਹੱਤਵਪੂਰਨ ਲੋੜਾਂ ਵਿੱਚੋਂ ਇੱਕ ਹੈ, ਪਰ ਕਈ ਲੋਕ ਇਸਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ। ਮੈਡੀਕਲ ਐਮਰਜੈਂਸੀ ਜਾਂ ਉਡਾਣਾਂ ਵਿੱਚ ਤਬਦੀਲੀਆਂ ਕਿਤੇ ਵੀ ਅਤੇ ਕਿਸੇ ਵੀ ਸਮੇਂ ਹੋ ਸਕਦੀਆਂ ਹਨ। ਇਸ ਲਈ ਟ੍ਰੈਵਲ ਇੰਸ਼ੋਰੈਂਸ ਲੈਣਾ ਮਹੱਤਵਪੂਰਨ ਹੈ, ਭਾਵੇਂ ਤੁਸੀਂ ਕਿਸੇ ਜਾਣ-ਪਛਾਣ ਵਾਲੀ ਮੰਜ਼ਿਲ ‘ਤੇ ਜਾ ਰਹੇ ਹੋ, ਜਾਣੀ-ਪਛਾਣੀ ਏਅਰਲਾਈਨ ਨਾਲ ਉਡਾਣ ਭਰ ਰਹੇ ਹੋ ਜਾਂ ਪਰਿਵਾਰ ਅਤੇ ਦੋਸਤਾਂ ਕੋਲ ਰਹਿਣ ਵਾਲੇ ਹੋ।
ਟ੍ਰੈਵਲ ਇੰਸ਼ੋਰੈਂਸ ਖਰੀਦਦੇ ਸਮੇਂ ਜਾਂਚ ਕਰੋ ਕਿ ਤੁਹਾਡੀ ਪਾਲਿਸੀ ਹੇਠ ਲਿਖੀਆਂ ਸਥਿਤੀਆਂ ਨੂੰ ਕਵਰ ਕਰਦੀ ਹੈ ਜਾਂ ਨਹੀਂ:
- ਉਡਾਣਾਂ ਵਿੱਚ ਦੇਰੀ ਅਤੇ ਰੱਦ ਹੋਣਾ
- ਸਮਾਨ ਜਾਂ ਬੈਗੇਜ ਗੁੰਮ ਹੋਣਾ
- ਯਾਤਰਾ ਸਲਾਹ ਦੇ ਪੱਧਰ ਵਿੱਚ ਤਬਦੀਲੀ
- ਪਹਿਲਾਂ ਤੋਂ ਮੌਜੂਦ ਸਿਹਤ ਸਮੱਸਿਆਵਾਂ ਅਤੇ ਮੈਡੀਕਲ ਐਮਰਜੈਂਸੀ ਨਾਲ ਜੁੜੇ ਖਰਚੇ
ਇਹ ਧਿਆਨ ਵਿੱਚ ਰੱਖਣਾ ਵੀ ਮਹੱਤਵਪੂਰਨ ਹੈ ਕਿ ਜੇ ਤੁਸੀਂ ਕਿਸੇ ‘ਯਾਤਰਾ ਨਾ ਕਰੋ’ (Do not travel) ਵਾਲੀ ਮੰਜ਼ਿਲ ‘ਤੇ ਜਾ ਰਹੇ ਹੋ ਜਾਂ ਉੱਥੋਂ ਟ੍ਰਾਂਜ਼ਿਟ ਕਰ ਰਹੇ ਹੋ, ਤਾਂ ਤੁਹਾਡਾ ਟ੍ਰੈਵਲ ਇੰਸ਼ੋਰੈਂਸ ਤੁਹਾਨੂੰ ਕਵਰ ਨਾ ਕਰੇ।
ਇੰਧਨ ਨਾਲ ਜੁੜੀਆਂ ਯਾਤਰਾ ਰੁਕਾਵਟਾਂ ‘ਤੇ ਨਜ਼ਰ ਰੱਖੋ
ਇੰਧਨ ਨਾਲ ਜੁੜੀਆਂ ਰੁਕਾਵਟਾਂ ਇੱਕ ਹੋਰ ਅਜਿਹੀ ਗੱਲ ਹਨ ਜਿਨ੍ਹਾਂ ਨੂੰ ਲੋਕ ਅਕਸਰ ਘੱਟ ਅੰਕਦੇ ਹਨ, ਕਿਉਂਕਿ ਜਦੋਂ ਤੱਕ ਇਹ ਆਪਣੀ ਬੁਕਿੰਗ ਨੂੰ ਪ੍ਰਭਾਵਿਤ ਨਾ ਕਰਨ, ਇਹ ਸਮੱਸਿਆ ਦੂਰ ਦੀ ਲੱਗਦੀ ਹੈ। Smartraveller ਚੇਤਾਵਨੀ ਦਿੰਦਾ ਹੈ ਕਿ ਵਿਸ਼ਵ ਪੱਧਰ ‘ਤੇ ਇੰਧਨ ਸਪਲਾਈ ਨਾਲ ਜੁੜੀਆਂ ਚੁਣੌਤੀਆਂ ਉਡਾਣਾਂ, ਸਥਾਨਕ ਆਵਾਜਾਈ ਅਤੇ ਜ਼ਰੂਰੀ ਸੇਵਾਵਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ, ਅਤੇ ਨਵੇਂ ਉਪਾਅ ਬਹੁਤ ਘੱਟ ਨੋਟਿਸ ‘ਤੇ ਲਾਗੂ ਕੀਤੇ ਜਾ ਸਕਦੇ ਹਨ। ਅਸਲ ਵਿੱਚ, ਇੱਕ ਉਡਾਣ ਵਿੱਚ ਦੇਰੀ ਆਸਾਨੀ ਨਾਲ ਕਨੈਕਟਿੰਗ ਫਲਾਈਟ ਛੁੱਟ ਜਾਣ, ਇੱਕ ਵਾਧੂ ਰਾਤ ਹੋਟਲ ਵਿੱਚ ਰਹਿਣ, ਪੂਰੀ ਯਾਤਰਾ ਯੋਜਨਾ ਬਦਲਣ ਅਤੇ ਯਾਤਰਾ ਦਾ ਖਰਚਾ ਪਹਿਲਾਂ ਸੋਚੇ ਨਾਲੋਂ ਕਾਫ਼ੀ ਵੱਧ ਜਾਣ ਦਾ ਕਾਰਨ ਬਣ ਸਕਦੀ ਹੈ।
ਪੈਰਾਮੈਟਾ, ਸਿਡਨੀ ਦੇ ਖੰਨਾ ਪਰਿਵਾਰ ਨੂੰ ਲੱਗਿਆ ਸੀ ਕਿ ਉਨ੍ਹਾਂ ਨੇ ਸਕੂਲ ਦੀਆਂ ਛੁੱਟੀਆਂ ਲਈ ਇੱਕ ਸੰਭਾਲਣਯੋਗ ਯਾਤਰਾ ਯੋਜਨਾ ਬਣਾਈ ਹੈ, ਜਿਸ ਵਿੱਚ ਦਿੱਲੀ ਵਿੱਚ ਇੱਕ ਪਰਿਵਾਰਕ ਸਮਾਗਮ ਅਤੇ ਉੱਥੇ ਪਹੁੰਚਣ ਤੋਂ ਕੁਝ ਸਮੇਂ ਬਾਅਦ ਇੱਕ ਘਰੇਲੂ ਕਨੈਕਟਿੰਗ ਫਲਾਈਟ ਸ਼ਾਮਲ ਸੀ। ਕਾਗਜ਼ ‘ਤੇ ਇਹ ਸਮਾਂ-ਸਾਰਣੀ ਤੰਗ ਸੀ, ਪਰ ਸੰਭਵ ਲੱਗਦੀ ਸੀ। ਜਦੋਂ ਉਨ੍ਹਾਂ ਦੀ ਅੰਤਰਰਾਸ਼ਟਰੀ ਉਡਾਣ ਦਾ ਸਮਾਂ ਬਦਲਿਆ ਗਿਆ, ਤਾਂ ਉਸ ਤੋਂ ਬਾਅਦ ਦੀ ਪੂਰੀ ਯਾਤਰਾ ਦਬਾਅ ਹੇਠ ਆ ਗਈ। ਸਮੱਸਿਆ ਸਿਰਫ਼ ਪਹਿਲੀ ਉਡਾਣ ਦੀ ਨਹੀਂ ਸੀ, ਸਗੋਂ ਉਸ ਤੋਂ ਬਾਅਦ ਪੈਦਾ ਹੋਈ ਲੜੀਵਾਰ ਪ੍ਰਤੀਕਿਰਿਆ ਦੀ ਸੀ—ਅੱਗੇ ਦੀਆਂ ਬੁਕਿੰਗਾਂ, ਸਮੇਂ ਨਾਲ ਜੁੜੀਆਂ ਯੋਜਨਾਵਾਂ ਅਤੇ ਬਾਕੀ ਯਾਤਰਾ ਨੂੰ ਪਟੜੀ ‘ਤੇ ਰੱਖਣ ਲਈ ਆਪਣੀ ਜੇਬ ਵਿੱਚੋਂ ਵਾਧੂ ਖਰਚਾ ਕਰਨ ਦੀ ਸੰਭਾਵਨਾ। Smartraveller ਸਿਫਾਰਸ਼ ਕਰਦਾ ਹੈ ਕਿ ਯਾਤਰੀ ਆਪਣੀ ਅੰਤਿਮ ਮੰਜ਼ਿਲ ਅਤੇ ਸਾਰੇ ਟ੍ਰਾਂਜ਼ਿਟ ਪੁਆਇੰਟਾਂ ਲਈ ਅਧਿਕਾਰਤ Smartraveller ਸਲਾਹ ਪੜ੍ਹਨ ਅਤੇ ਅੱਪਡੇਟ ਲਈ ਸਬਸਕ੍ਰਾਈਬ ਕਰਨ। ਉਹ ਇਹ ਵੀ ਸਲਾਹ ਦਿੰਦੇ ਹਨ ਕਿ ਸਥਾਨਕ ਅਤੇ ਅੰਤਰਰਾਸ਼ਟਰੀ ਖ਼ਬਰਾਂ ‘ਤੇ ਨਜ਼ਰ ਰੱਖੋ ਅਤੇ ਸੰਬੰਧਿਤ ਆਸਟ੍ਰੇਲੀਆਈ ਦੂਤਾਵਾਸ ਜਾਂ ਕੌਂਸਲੇਟ ਦੇ ਸੋਸ਼ਲ ਮੀਡੀਆ ਅਕਾਊਂਟ ਫਾਲੋ ਕਰੋ, ਤਾਂ ਜੋ ਨਵੀਂ ਜਾਣਕਾਰੀ ਨਾਲ ਜੁੜੇ ਰਹਿ ਸਕੋ।

ਭੀੜ ਵਾਲੀਆਂ ਥਾਵਾਂ ‘ਤੇ ਸਾਵਧਾਨ ਰਹੋ
ਇੱਕ ਹੋਰ ਸਮੱਸਿਆ ਜੋ ਵਾਪਰਨ ਤੱਕ ਛੋਟੀ ਲੱਗਦੀ ਹੈ, ਉਹ ਹੈ ਭੀੜਭਾੜ ਵਾਲੇ ਸੈਰ-ਸਪਾਟਾ ਅਤੇ ਟ੍ਰਾਂਜ਼ਿਟ ਇਲਾਕਿਆਂ ਵਿੱਚ ਛੋਟੀਆਂ ਚੋਰੀਆਂ। ਭੀੜ ਵਾਲੀਆਂ ਥਾਵਾਂ, ਜਨਤਕ ਆਵਾਜਾਈ ਅਤੇ ਸੈਲਾਨੀਆਂ ਨਾਲ ਭਰੇ ਇਲਾਕਿਆਂ ਵਿੱਚ ਸਾਵਧਾਨ ਰਹਿਣਾ ਚਾਹੀਦਾ ਹੈ। ਬੱਚਿਆਂ, ਬਜ਼ੁਰਗ ਮਾਪਿਆਂ, ਕਈ ਬੈਗਾਂ ਜਾਂ ਲੰਮੇ ਸਟਾਪਓਵਰ ਨਾਲ ਯਾਤਰਾ ਕਰਨ ਵਾਲਿਆਂ ਲਈ ਇਹ ਸਮੱਸਿਆ ਉਮੀਦ ਨਾਲੋਂ ਵੱਡੀ ਬਣ ਸਕਦੀ ਹੈ। ਚੌਕਸ ਰਹੋ, ਕੀਮਤੀ ਸਮਾਨ ਆਪਣੇ ਨੇੜੇ ਰੱਖੋ ਅਤੇ ਇਹ ਨਾ ਮੰਨੋ ਕਿ ਭੀੜ ਵਾਲੀ ਜਨਤਕ ਥਾਂ ਆਪਣੇ ਆਪ ਸੁਰੱਖਿਅਤ ਹੁੰਦੀ ਹੈ।
ਵੈਂਟਵਰਥਵਿਲ, ਸਿਡਨੀ ਦੀ ਨੇਹਾ ਲਈ, ਮੁਸ਼ਕਲ ਦਾ ਪਲ ਇੱਕ ਲੰਮੀ ਉਡਾਣ ਤੋਂ ਬਾਅਦ ਆਇਆ, ਜਦੋਂ ਉਹ ਭੀੜਭਾੜ ਵਾਲੇ ਟ੍ਰਾਂਜ਼ਿਟ ਇਲਾਕੇ ਵਿੱਚ ਹੈਂਡ ਲੱਗੇਜ, ਫੋਨ, ਯਾਤਰਾ ਦਸਤਾਵੇਜ਼ ਅਤੇ ਥੱਕੇ ਹੋਏ ਬੱਚੇ ਨੂੰ ਇਕੱਠੇ ਸੰਭਾਲ ਰਹੀ ਸੀ। ਇਹ ਬਿਲਕੁਲ ਉਹੋ ਜਿਹਾ ਸਮਾਂ ਹੁੰਦਾ ਹੈ ਜਦੋਂ ਲੋਕ ਆਪਣੇ ਆਲੇ-ਦੁਆਲੇ ਹੋ ਰਹੀਆਂ ਗੱਲਾਂ ਵੱਲ ਘੱਟ ਧਿਆਨ ਦੇ ਸਕਦੇ ਹਨ। ਇਸ ਲਈ ਨਹੀਂ ਕਿ ਉਹ ਲਾਪਰਵਾਹ ਹਨ, ਸਗੋਂ ਇਸ ਲਈ ਕਿ ਉਹ ਇੱਕੋ ਸਮੇਂ ਬਹੁਤ ਕੁਝ ਸੰਭਾਲ ਰਹੇ ਹੁੰਦੇ ਹਨ। ਅਸਲ ਵਿੱਚ, ਟ੍ਰਾਂਜ਼ਿਟ ਦੌਰਾਨ ਸੁਰੱਖਿਅਤ ਰਹਿਣਾ ਅਕਸਰ ਬਹੁਤ ਆਮ ਆਦਤਾਂ ‘ਤੇ ਨਿਰਭਰ ਕਰਦਾ ਹੈ—ਕੀਮਤੀ ਸਮਾਨ ਕਿੱਥੇ ਹੈ ਇਹ ਜਾਣਨਾ, ਦਸਤਾਵੇਜ਼ ਆਪਣੇ ਕੋਲ ਰੱਖਣਾ ਅਤੇ ਇਹ ਨਾ ਮੰਨਣਾ ਕਿ ਭੀੜ ਵਾਲੀ ਜਨਤਕ ਥਾਂ ਆਪਣੇ ਆਪ ਸੁਰੱਖਿਅਤ ਹੈ।
ਇਹ ਲੇਖ Smartraveller.gov.au ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ।
