ਬੈਗਾਂ, ਸਨੈਕਸ ਅਤੇ ਬੋਰਡਿੰਗ ਪਾਸ ਤੋਂ ਪਹਿਲਾਂ: ਛੁੱਟੀਆਂ ਦੀ ਯਾਤਰਾ ਲਈ ਜ਼ਰੂਰੀ ਸੁਝਾਅ

 ਬੈਗਾਂ, ਸਨੈਕਸ ਅਤੇ ਬੋਰਡਿੰਗ ਪਾਸ ਤੋਂ ਪਹਿਲਾਂ: ਛੁੱਟੀਆਂ ਦੀ ਯਾਤਰਾ ਲਈ ਜ਼ਰੂਰੀ ਸੁਝਾਅ

ਚਾਹੇ ਤੁਸੀਂ ਦੋਸਤਾਂ ਨਾਲ ਵਿਦੇਸ਼ ਜਾ ਰਹੇ ਹੋ, ਇਕੱਲੇ ਯਾਤਰਾ ਕਰ ਰਹੇ ਹੋ ਜਾਂ ਪਰਿਵਾਰ ਨਾਲ ਜੁੜ ਰਹੇ ਹੋ, ਲੋਕ ਕਈ ਕਾਰਨਾਂ ਕਰਕੇ ਯਾਤਰਾ ਕਰਦੇ ਹਨ—ਜਿਵੇਂ ਰਿਸ਼ਤੇਦਾਰਾਂ ਨੂੰ ਮਿਲਣਾ, ਮਹੱਤਵਪੂਰਨ ਸਮਾਗਮਾਂ ਵਿੱਚ ਸ਼ਾਮਲ ਹੋਣਾ, ਬੱਚਿਆਂ ਨੂੰ ਲੰਮੇ ਸਮੇਂ ਤੋਂ ਉਡੀਕੀ ਜਾ ਰਹੀ ਯਾਤਰਾ ‘ਤੇ ਲੈ ਜਾਣਾ ਜਾਂ ਆਪਣੀਆਂ ਮਿਹਨਤਾਂ ਤੋਂ ਬਾਅਦ ਇੱਕ ਸੁਖਦ ਛੁੱਟੀ ਦਾ ਆਨੰਦ ਲੈਣਾ।

ਰਵਾਨਾ ਹੋਣ ਤੋਂ ਪਹਿਲਾਂ ਥੋੜ੍ਹੀ ਜਿਹੀ ਤਿਆਰੀ ਤੁਹਾਡੀ ਯਾਤਰਾ ਨੂੰ ਹੋਰ ਸੁਚੱਜਾ ਬਣਾ ਸਕਦੀ ਹੈ ਅਤੇ ਅਚਾਨਕ ਆਉਣ ਵਾਲੀਆਂ ਰੁਕਾਵਟਾਂ ਦੇ ਪ੍ਰਭਾਵ ਨੂੰ ਘਟਾ ਸਕਦੀ ਹੈ। Smartraveller, ਆਸਟ੍ਰੇਲੀਆਈ ਸਰਕਾਰ ਦੀ ਮੁਫ਼ਤ ਅਧਿਕਾਰਤ ਯਾਤਰਾ ਸਲਾਹ ਸੇਵਾ, ਯਾਤਰੀਆਂ ਨੂੰ ਰਵਾਨਗੀ ਤੋਂ ਪਹਿਲਾਂ ਅਧਿਕਾਰਤ ਸਲਾਹ ਦੀ ਜਾਂਚ ਕਰਨ ਅਤੇ ਵਿਦੇਸ਼ ਵਿੱਚ ਰਹਿੰਦੇ ਸਮੇਂ ਤਾਜ਼ਾ ਜਾਣਕਾਰੀ ਨਾਲ ਜੁੜੇ ਰਹਿਣ ਵਿੱਚ ਮਦਦ ਕਰਦੀ ਹੈ।

ਕਈ ਲੋਕ ਯਾਤਰਾ ਦੀ ਯੋਜਨਾ ਇਸ ਤਰ੍ਹਾਂ ਬਣਾਉਂਦੇ ਹਨ ਜਿਵੇਂ ਸਭ ਕੁਝ ਸਮੇਂ ‘ਤੇ ਹੀ ਹੋਵੇਗਾ। ਪਰ ਅਸਲ ਵਿੱਚ, ਥੋੜ੍ਹੀ ਜਿਹੀ ਦੇਰੀ ਵੀ ਯਾਤਰਾ ਦੇ ਅਗਲੇ ਹਿੱਸੇ ਨੂੰ ਪ੍ਰਭਾਵਿਤ ਕਰ ਸਕਦੀ ਹੈ। ਆਸਟ੍ਰੇਲੀਆ ਤੋਂ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਯਾਤਰਾ ਯੋਜਨਾ ਨੂੰ ਧਿਆਨ ਨਾਲ ਵੇਖੋ। ਕੀ ਕਨੈਕਟਿੰਗ ਫਲਾਈਟਾਂ ਵਿਚਕਾਰ ਸਮਾਂ ਬਹੁਤ ਘੱਟ ਹੈ? ਕੀ ਦੋ ਉਡਾਣਾਂ ਵਿਚਕਾਰ ਕਾਫ਼ੀ ਸਮਾਂ ਹੈ? ਜੇ ਕੋਈ ਤਬਦੀਲੀ ਆ ਜਾਵੇ ਤਾਂ ਕੀ ਤੁਹਾਨੂੰ ਪਤਾ ਹੈ ਕਿ ਕਿਸ ਨਾਲ ਸੰਪਰਕ ਕਰਨਾ ਹੈ? ਕੀ ਤੁਸੀਂ ਏਅਰਲਾਈਨ, ਹੋਟਲ ਅਤੇ ਟ੍ਰੈਵਲ ਏਜੰਟ ਦੇ ਸੰਪਰਕ ਵੇਰਵੇ ਕਿਸੇ ਅਜਿਹੀ ਥਾਂ ਸੰਭਾਲ ਕੇ ਰੱਖੇ ਹਨ ਜਿੱਥੇ ਉਹ ਆਸਾਨੀ ਨਾਲ ਮਿਲ ਸਕਣ?

ਆਪਣਾ ਟ੍ਰੈਵਲ ਇੰਸ਼ੋਰੈਂਸ ਵੀ ਜਾਂਚ ਲੈਣਾ ਚੰਗਾ ਹੈ, ਤਾਂ ਜੋ ਤੁਹਾਨੂੰ ਪਤਾ ਹੋਵੇ ਕਿ ਯੋਜਨਾ ਬਦਲਣ ਦੀ ਸਥਿਤੀ ਵਿੱਚ ਕਿਹੜਾ ਕਵਰ ਉਪਲਬਧ ਹੈ। ਮਕਸਦ ਇਹ ਨਹੀਂ ਕਿ ਤੁਸੀਂ ਪਹਿਲਾਂ ਹੀ ਸੋਚੋ ਕਿ ਕੁਝ ਗਲਤ ਹੋਵੇਗਾ। ਮਕਸਦ ਇਹ ਹੈ ਕਿ ਜੇ ਕੁਝ ਅਚਾਨਕ ਹੋ ਜਾਵੇ ਤਾਂ ਤੁਸੀਂ ਬਿਨਾਂ ਕਿਸੇ ਵਿਕਲਪ ਦੇ ਨਾ ਫਸੋ।

ਕਈ ਯਾਤਰੀ ਉਸ ਥਾਂ ਜਾਂਦੇ ਸਮੇਂ ਵਧੇਰੇ ਨਿਸ਼ਚਿੰਤ ਮਹਿਸੂਸ ਕਰਦੇ ਹਨ ਜਿਸ ਨਾਲ ਉਹ ਪਹਿਲਾਂ ਤੋਂ ਜਾਣੂ ਹੁੰਦੇ ਹਨ। ਇਹ ਉਹ ਦੇਸ਼ ਹੋ ਸਕਦਾ ਹੈ ਜਿੱਥੇ ਪਰਿਵਾਰ ਰਹਿੰਦਾ ਹੋਵੇ, ਕੋਈ ਅਜਿਹੀ ਥਾਂ ਜਿੱਥੇ ਉਹ ਅਕਸਰ ਛੁੱਟੀਆਂ ਮਨਾਉਣ ਜਾਂਦੇ ਹੋਣ, ਜਾਂ ਕੋਈ ਮੰਜ਼ਿਲ ਜਿੱਥੇ ਉਹ ਪਹਿਲਾਂ ਵੀ ਜਾ ਚੁੱਕੇ ਹੋਣ। ਪਰ ਜਾਣ-ਪਛਾਣ ਵਾਲੀ ਮੰਜ਼ਿਲ ਲਈ ਵੀ ਯਾਤਰਾ ਦੀਆਂ ਸਥਿਤੀਆਂ ਬਦਲੀਆਂ ਹੋ ਸਕਦੀਆਂ ਹਨ।

ਸਿਡਨੀ ਦੇ ਸ਼ਰਮਾ ਪਰਿਵਾਰ ਨੇ ਵਿਦੇਸ਼ ਵਿੱਚ ਰਿਸ਼ਤੇਦਾਰਾਂ ਨੂੰ ਮਿਲਣ ਲਈ ਯਾਤਰਾ ਕੀਤੀ ਅਤੇ ਫਿਰ ਪਰਿਵਾਰਕ ਸਮਾਗਮ ਲਈ ਸਾਰੇ ਮਿਲ ਕੇ ਇੱਕ ਛੋਟੇ ਖੇਤਰੀ ਸ਼ਹਿਰ ਜਾਣ ਦੀ ਯੋਜਨਾ ਬਣਾਈ। ਕਈ ਉਡਾਣਾਂ, ਪਰਿਵਾਰਕ ਮੈਂਬਰਾਂ ਦਾ ਵੱਖ-ਵੱਖ ਯਾਤਰਾ ਕਰਨਾ ਅਤੇ ਅੱਗੇ ਦੀ ਯਾਤਰਾ ਇਕੱਠੇ ਕਰਨ ਦੀ ਯੋਜਨਾ—ਇਹ ਸਭ ਮਿਲ ਕੇ ਅਜਿਹੇ ਕਈ ਮੌਕੇ ਪੈਦਾ ਕਰਦੇ ਸਨ ਜਿੱਥੇ ਇੱਕ ਰੁਕਾਵਟ ਵੀ ਸਾਰਿਆਂ ਦੀ ਯੋਜਨਾ ਨੂੰ ਪ੍ਰਭਾਵਿਤ ਕਰ ਸਕਦੀ ਸੀ। ਕਿਸੇ ਉਡਾਣ ਵਿੱਚ ਦੇਰੀ ਜਾਂ ਪਾਸਪੋਰਟ, ਵੀਜ਼ਾ ਜਾਂ ਦਾਖਲਾ ਸ਼ਰਤਾਂ ਨਾਲ ਜੁੜੀ ਅਚਾਨਕ ਸਮੱਸਿਆ ਦਾ ਅਸਰ ਪੂਰੇ ਪਰਿਵਾਰ ਦੀ ਯਾਤਰਾ ‘ਤੇ ਪੈ ਸਕਦਾ ਸੀ।

ਰਵਾਨਾ ਹੋਣ ਤੋਂ ਪਹਿਲਾਂ ਆਪਣੀ ਮੰਜ਼ਿਲ ਅਤੇ ਰਸਤੇ ਵਿੱਚ ਆਉਣ ਵਾਲੇ ਸਾਰੇ ਸਟਾਪਓਵਰਾਂ ਲਈ ਤਾਜ਼ਾ ਯਾਤਰਾ ਸਲਾਹ ਜ਼ਰੂਰ ਜਾਂਚੋ ਅਤੇ ਯਕੀਨੀ ਬਣਾਓ ਕਿ ਹਰ ਯਾਤਰੀ ਕੋਲ ਸਹੀ ਪਾਸਪੋਰਟ, ਵੀਜ਼ਾ ਅਤੇ ਲੋੜੀਂਦੇ ਯਾਤਰਾ ਦਸਤਾਵੇਜ਼ ਹਨ। ਪਾਸਪੋਰਟ ਦੀ ਮਿਆਦ, ਵੀਜ਼ਾ ਦੀਆਂ ਸ਼ਰਤਾਂ ਅਤੇ ਸਥਾਨਕ ਯਾਤਰਾ ਹਾਲਾਤ ਕਈ ਵਾਰ ਬਹੁਤ ਘੱਟ ਨੋਟਿਸ ‘ਤੇ ਬਦਲ ਸਕਦੇ ਹਨ। ਇਹ ਵੀ ਯਾਦ ਰੱਖੋ ਕਿ ਭਾਰਤ ਸਮੇਤ ਕਈ ਮੰਜ਼ਿਲਾਂ ਲਈ ਤੁਹਾਡੇ ਪਾਸਪੋਰਟ ਦੀ ਘੱਟੋ-ਘੱਟ 6 ਮਹੀਨੇ ਦੀ ਵੈਧਤਾ ਹੋਣੀ ਲਾਜ਼ਮੀ ਹੁੰਦੀ ਹੈ।

https://www.smartraveller.gov.au/

ਮੌਸਮ, ਸਥਾਨਕ ਘਟਨਾਵਾਂ ਜਾਂ ਬਦਲਦੇ ਹਾਲਾਤਾਂ ਕਾਰਨ ਯਾਤਰਾ ਦੀਆਂ ਯੋਜਨਾਵਾਂ ਤੇਜ਼ੀ ਨਾਲ ਬਦਲ ਸਕਦੀਆਂ ਹਨ। Smartraveller ਇੱਕ ਮੁਫ਼ਤ ਸਬਸਕ੍ਰਿਪਸ਼ਨ ਸੇਵਾ ਪ੍ਰਦਾਨ ਕਰਦਾ ਹੈ, ਜੋ ਤੁਹਾਡੀ ਮੰਜ਼ਿਲ ਲਈ ਯਾਤਰਾ ਸਲਾਹ ਵਿੱਚ ਕੋਈ ਤਬਦੀਲੀ ਹੋਣ ‘ਤੇ ਈਮੇਲ ਰਾਹੀਂ ਤੁਰੰਤ ਅੱਪਡੇਟ ਭੇਜਦੀ ਹੈ। ਰਵਾਨਗੀ ਤੋਂ ਪਹਿਲਾਂ ਇਸ ਸੇਵਾ ਲਈ ਸਬਸਕ੍ਰਾਈਬ ਕਰਨ ਨਾਲ ਤੁਸੀਂ ਯਾਤਰਾ ਦੌਰਾਨ ਵਾਰ-ਵਾਰ ਜਾਣਕਾਰੀ ਲੱਭਣ ਦੀ ਲੋੜ ਤੋਂ ਬਿਨਾਂ ਅਧਿਕਾਰਤ ਅੱਪਡੇਟ ਨਾਲ ਜੁੜੇ ਰਹਿ ਸਕਦੇ ਹੋ।

ਯਾਤਰਾ ਤੋਂ ਪਹਿਲਾਂ ਮਹੱਤਵਪੂਰਨ ਸੰਪਰਕ ਵੇਰਵੇ ਸੰਭਾਲ ਕੇ ਰੱਖਣਾ ਵੀ ਸਮਝਦਾਰੀ ਹੈ। ਇਹ ਜਾਣੋ ਕਿ ਸਥਾਨਕ ਐਮਰਜੈਂਸੀ ਸੇਵਾਵਾਂ ਅਤੇ ਸਭ ਤੋਂ ਨੇੜਲੇ ਆਸਟ੍ਰੇਲੀਆਈ ਦੂਤਾਵਾਸ, ਹਾਈ ਕਮਿਸ਼ਨ ਜਾਂ ਕੌਂਸਲੇਟ ਦੇ ਵੇਰਵੇ ਕਿੱਥੋਂ ਮਿਲਣਗੇ। ਮਹੱਤਵਪੂਰਨ ਦਸਤਾਵੇਜ਼ਾਂ ਦੀਆਂ ਕਾਪੀਆਂ ਆਪਣੇ ਕੋਲ ਰੱਖੋ ਅਤੇ ਆਪਣੀ ਯਾਤਰਾ ਯੋਜਨਾ ਕਿਸੇ ਭਰੋਸੇਯੋਗ ਵਿਅਕਤੀ ਨਾਲ ਸਾਂਝੀ ਕਰਕੇ ਜਾਓ।

ਬੈਗਾਂ, ਸਨੈਕਸ ਅਤੇ ਬੋਰਡਿੰਗ ਪਾਸ ਤੋਂ ਪਹਿਲਾਂ, ਆਪਣੀ ਮੰਜ਼ਿਲ ਲਈ ਸਭ ਤੋਂ ਤਾਜ਼ਾ ਯਾਤਰਾ ਸਲਾਹ ਦੇਖਣ ਅਤੇ ਅਧਿਕਾਰਤ ਅੱਪਡੇਟ ਲਈ ਸਬਸਕ੍ਰਾਈਬ ਕਰਨ ਵਾਸਤੇ smartraveller.gov.au ‘ਤੇ ਜਾਓ।

ਇਹ ਲੇਖ Smartraveller.gov.au ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਹੈ।

Related post