ਇਸ ਫ਼ੈਡਰਲ ਚੋਣ ਵਿੱਚ ਆਪਣੀ ਵੋਟ ਦੀ ਮਹੱਤਤਾ ਨੂੰ ਦਰਸਾਓ

ਵੋਟਰਾਂ ਨੂੰ ਯਾਦ ਦਿਵਾਇਆ ਜਾਂਦਾ ਹੈ ਕਿ ਸ਼ਨੀਵਾਰ 3 ਮਈ ਚੋਣਾਂ ਦਾ ਦਿਨ ਹੈ, ਅਤੇ ਆਸਟ੍ਰੇਲੀਆ ਦੇ ਭਵਿੱਖ ਬਾਰੇ ਆਪਣੀ ਰਾਏ ਦੇਣ ਵਿੱਚ ਤੁਹਾਡੀ ਮਦਦ ਕਰਨ ਲਈ ਸਹਾਇਤਾ ਉਪਲਬਧ ਹੈ।
ਚੋਣ ਕਮਿਸ਼ਨਰ ਜੈੱਫ਼ ਪੋਪ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਲੋਕ ਸਮਝਣ ਕਿ ਜਾਇਜ਼ ਵੋਟ ਕਿਵੇਂ ਪਾਉਣੀ ਹੈ।
ਉਨ੍ਹਾਂ ਕਿਹਾ, “18 ਸਾਲ ਜਾਂ ਇਸ ਤੋਂ ਵੱਧ ਉਮਰ ਆਸਟ੍ਰੇਲੀਆ ਦੇ ਸਾਰੇ ਨਾਗਰਿਕਾਂ ਨੂੰ ਫ਼ੈਡਰਲ ਚੋਣਾਂ ਵਿਚ ਵੋਟ ਪਾਉਣੀ ਚਾਹੀਦੀ ਹੈ। ਪ੍ਰਤੀਨਿਧੀ ਸਭਾ ਅਤੇ ਸੈਨੇਟ ਦੇ ਚੋਣ ਪੱਤਰਾਂ ਨੂੰ ਸਹੀ ਢੰਗ ਨਾਲ ਪੂਰਾ ਕਰਨਾ ਹੀ ਇਹ ਯਕੀਨੀ ਬਣਾਉਣ ਦਾ ਇਕੋ ਇਕ ਤਰੀਕਾ ਹੈ ਕਿ ਤੁਹਾਡੀਆਂ ਵੋਟਾਂ ਗਿਣਤੀ ਵਿੱਚ ਆਉਣ”।
“AEC ਦੀ ਵੈੱਬਸਾਈਟ ‘ਤੇ ਸਭਿਆਚਾਰਕ ਅਤੇ ਭਾਸ਼ਾਈ ਤੌਰ ‘ਤੇ ਵਿਭਿੰਨ ਪਿਛੋਕੜਾਂ ਵਾਲੇ ਲੋਕਾਂ ਨੂੰ ਚੋਣ ਪ੍ਰਕਿਰਿਆ ਵਿਚ ਹਿੱਸਾ ਲੈਣ ਵਿਚ ਸਹਾਇਤਾ ਕਰਨ ਲਈ ਕਈ ਤਰ੍ਹਾਂ ਦੀ ਜਾਣਕਾਰੀ ਅਤੇ ਸੇਵਾਵਾਂ ਮੌਜੂਦ ਹਨ”।
2025 ਦੀਆਂ ਫ਼ੈਡਰਲ ਚੋਣਾਂ ਲਈ ਅਧਿਕਾਰਤ ਗਾਈਡ ਦੇ ਅਨੁਵਾਦ – ਨਾਲ ਹੀ ਆਪਣੀ ਵੋਟ ਦੀ ਮਹੱਤਤਾ ਕਿਵੇਂ ਦਰਸਾਉਣੀ ਹੈ ਤੱਥ-ਸ਼ੀਟ – 34 ਭਾਸ਼ਾਵਾਂ ਵਿੱਚ ਉਪਲਬਧ ਹਨ।
ਚੋਣ ਪੱਤਰਾਂ ਨੂੰ ਕਿਵੇਂ ਪੂਰਾ ਕਰਨਾ ਹੈ, ਇਸ ਬਾਰੇ ਅਨੁਵਾਦਿਤ ਜਾਣਕਾਰੀ ਪੋਲਿੰਗ ਸਥਾਨਾਂ ‘ਤੇ ਵੀ ਉਪਲਬਧ ਹੈ, ਅਤੇ ਕੁਝ ਥਾਵਾਂ ‘ਤੇ ਮਦਦ ਲਈ ਦੋਭਾਸ਼ੀ AEC ਸਟਾਫ਼ ਉਪਲਬਧ ਹੋਵੇਗਾ।
ਇੱਥੇ ਵੋਟ ਪਾਉਣ ਦਾ ਅਭਿਆਸ ਕਰਨ ਵਾਲਾ ਸਾਧਨ, ਵੀ ਹੈ ਅਤੇ ਇਹ 12 ਭਾਸ਼ਾਵਾਂ ਵਿੱਚ ਉਪਲਬਧ ਹੈ।
ਜਿਹੜੇ ਵੋਟਰ ਚੋਣਾਂ ਵਾਲੇ ਦਿਨ ਕਿਸੇ ਪੋਲਿੰਗ ਸਥਾਨ ਵਿੱਚ ਨਹੀਂ ਜਾ ਸਕਦੇ, ਉਹ ਜਲਦੀ ਵੋਟ ਪਾਉਣ ਵਾਲੇ ਕੇਂਦਰ ਵਿੱਚ ਜਾ ਕੇ ਜਾਂ ਡਾਕ ਰਾਹੀਂ ਵੋਟ ਲਈ ਅਰਜ਼ੀ ਦੇਣ ਦੇ ਯੋਗ ਹੋ ਸਕਦੇ ਹਨ.
ਡਾਕ ਰਾਹੀਂ ਵੋਟ ਪਾਉਣ ਵਾਲੇ ਲੋਕ ਔਨਲਾਈਨ ਅਰਜ਼ੀ ਦੇ ਸਕਦੇ ਹਨ। ਅਰਜ਼ੀਆਂ ਬੁੱਧਵਾਰ 30 ਅਪ੍ਰੈਲ ਨੂੰ ਸ਼ਾਮ 6 ਵਜੇ ਤੱਕ ਪ੍ਰਾਪਤ ਹੋਣੀਆਂ ਚਾਹੀਦੀਆਂ ਹਨ – ਇਸ ਲਈ ਆਪਣੇ ਚੋਣ ਪੱਤਰਾਂ (ਬੈਲਟ ਪੇਪਰਾਂ) ਨੂੰ ਪ੍ਰਾਪਤ ਕਰਨ, ਪੂਰਾ ਕਰਨ ਅਤੇ ਵਾਪਸ ਕਰਨ ਲਈ ਤੇਜ਼ੀ ਨਾਲ ਕੰਮ ਕਰੋ, ਇਹ ਯਕੀਨੀ ਬਣਾਉਣ ਲਈ ਕਿ ਤੁਹਾਡੇ ਕੋਲ ਕਾਫ਼ੀ ਸਮਾਂ ਹੈ।
ਆਸਟ੍ਰੇਲੀਆ ਦੀ ਚੋਣ ਪ੍ਰਣਾਲੀ ਬਾਰੇ ਤੱਥ ਪ੍ਰਾਪਤ ਕਰੋ
AEC ਸਾਰੇ ਵੋਟਰਾਂ ਨੂੰ ਆਸਟ੍ਰੇਲੀਆ ਦੀ ਚੋਣ ਪ੍ਰਣਾਲੀ ਬਾਰੇ ਗ਼ਲਤ ਜਾਣਕਾਰੀ ਤੋਂ ਸਾਵਧਾਨ ਰਹਿਣ ਦੀ ਯਾਦ ਦਿਵਾ ਰਿਹਾ ਹੈ।
ਸ੍ਰੀਮਾਨ ਪੋਪ ਨੇ ਕਿਹਾ ਕਿ ਗਲਤ ਅਤੇ ਗੁੰਮਰਾਹਕੁੰਨ ਜਾਣਕਾਰੀ ਔਨਲਾਈਨ ਤੇਜ਼ੀ ਨਾਲ ਫ਼ੈਲ ਸਕਦੀ ਹੈ।

ਉਨ੍ਹਾਂ ਕਿਹਾ, “ਵੋਟ ਪਾਉਣ ਦੀ ਪ੍ਰਕਿਰਿਆ ਬਾਰੇ ਜੋ ਕੁਝ ਤੁਸੀਂ ਦੇਖਦੇ ਹੋ, ਸੁਣਦੇ ਹੋ ਜਾਂ ਪੜ੍ਹਦੇ ਹੋ, ਉਸ ਨੂੰ ਰੋਕਣਾ ਅਤੇ ਉਨ੍ਹਾਂ ਬਾਰੇ ਵਿਚਾਰ ਕਰਨਾ ਸੱਚਮੁੱਚ ਮਹੱਤਵਪੂਰਨ ਹੈ। ਜੇ ਤੁਸੀਂ ਸੋਚਦੇ ਹੋ ਕਿ ਇਹ ਗ਼ਲਤ ਹੋ ਸਕਦਾ ਹੈ, ਤਾਂ ਇਸ ਦੀ ਜਾਂਚ ਕਰੋ ਜਾਂ ਨਜ਼ਰਅੰਦਾਜ਼ ਕਰੋ। ਅੱਗੇ ਸਾਂਝਾ ਨਾ ਕਰੋ ਜਾਂ ਦੁਬਾਰਾ ਪੋਸਟ ਨਾ ਕਰੋ। ਤੁਸੀਂ ਇਸ ਦੀ ਰਿਪੋਰਟ ਉਸ ਜਗ੍ਹਾ ‘ਤੇ ਵੀ ਕਰ ਸਕਦੇ ਹੋ ਜਿੱਥੇ ਤੁਸੀਂ ਇਸ ਨੂੰ ਵੇਖਿਆ ਸੀ”।
“ਜੇ ਤੁਹਾਨੂੰ ਪੱਕਾ ਯਕੀਨ ਨਹੀਂ ਹੈ ਕਿ ਕੀ ਕੁਝ ਸਹੀ ਹੈ ਜਾਂ ਨਹੀਂ, ਤਾਂ ਤੁਸੀਂ AEC ਦੀ ਵੈਬਸਾਈਟ ਤੋਂ ਤੱਥ ਪ੍ਰਾਪਤ ਕਰ ਸਕਦੇ ਹੋ”।
AEC ਦੇ ਰੁਕੋ ਅਤੇ ਵਿਚਾਰੋ ਸਫ਼ੇ ਵਿੱਚ ਸਧਾਰਣ ਸੁਝਾਅ ਦਿੱਤੇ ਗਏ ਹਨ ਜੋ ਵੋਟਰ ਚੋਣ ਪ੍ਰਕਿਰਿਆ ਬਾਰੇ ਗ਼ਲਤ ਜਾਣਕਾਰੀ ਦੀ ਪਛਾਣ ਕਰਨ ਅਤੇ ਜਵਾਬ ਦੇਣ ਲਈ ਵਰਤ ਸਕਦੇ ਹਨ।
ਵਧੇਰੇ ਜਾਣਕਾਰੀ
ਅਨੁਵਾਦ ਕੀਤੇ ਸਰੋਤ AEC ਦੀ ਵੈੱਬਸਾਈਟ aec.gov.au/translated ‘ਤੇ ਉਪਲਬਧ ਹਨ ਅਤੇ ਤੁਹਾਡੀ ਭਾਸ਼ਾ ਵਿੱਚ ਟੈਲੀਫ਼ੋਨ ਦੁਭਾਸ਼ੀਆ ਸੇਵਾਵਾਂ 1300 720 153 ਉਪਰ ਉਪਲਬਧ ਹਨ।

ਇਲੈਕਟੋਰਲ ਕਮਿਸ਼ਨਰ, ਕੈਨਬਰਾ ਦੁਆਰਾ ਅਧਿਕਾਰਤ।
Authorised by the Electoral Commissioner, Canberra.